ਆਪਣੀ ਜਿੰਗਦੀ ਵਿੱਚ ਸਾਈਕਲ ਤੇ ਫੀਅਟ ਕਾਰ ਸਣੇ ਹਰ ਤਰਾਂ ਦੀਆਂ ਕਾਰਾਂ ਤੇ ਜਹਾਜਾਂ ਤੱਕ ਸਫ਼ਰ ਤਹਿ ਕਰਨ ਵਾਲੇ ਬੀਬਾ ਰਜਿੰਦਰ ਕੌਰ ਦਾ ਜਨਮ 15 ਅਗਸਤ 1954 ਨੂੰ ਸ਼ਾਹੀ ਸ਼ਹਿਰ ਵੱਜੋਂ ਜਾਣੇ ਜਾਂਦੇ ਸ਼ਹਿਰ ਪਟਿਆਲਾ ਵਿਖੇ ਮਾਤਾ ਜਸਵੰਤ ਕੌਰ ਤੇ ਪਿਤਾ ਮਹਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਇਆ ।ਸਰਦਾਰਨੀ ਰਾਜਿੰਦਰ ਕੌਰ ਦਾ ਵਿਆਹ 1976 ਵਿੱਚ ਸ ਕਰਨੈਲ ਸਿੰਘ ਨਾਲ ਪਟਿਆਲਾ ਵਿਖੇ ਹੋਇਆ । ਸਾਦੀ ਰਹਿਣੀ ਸਹਿਣੀ ,ਮਿਲਣਸਾਰ ਤੇ ਦਿਆਲੂ ਸੁਭਾਆ, ਉਨਾ ਦੀ ਸ਼ਖਸ਼ੀਅਤ ਤੇ ਪੱਖ ਰਹੇ ਹਨ । ਉਨਾ ਦੇ ਦੋ ਪੁੱਤਰ ਤੇ ਇਕ ਧੀ ਹਨ ਜਿਨਾ ਚ ਹਰਪ੍ਰੀਤ ਸਿੰਘ ਜੱਸੋਵਾਲ ਚੰਡੀਗੜ ਜਰਨਲਿਸਟ ਹਨ ਜਦ ਕਿ ਛੋਟਾ ਬੇਟਾ ਜਗਦੀਪ ਸਿੰਘ ਤੇ ਧੀ ਅਮਰਿੰਦਰ ਕੌਰ ਦੋਵੇ ਆਸਟਰੇਲੀਆ ਸੈਟਲ ਹਨ । ਸਰਦਾਰਨੀ ਰਾਜਿੰਦਰ ਕੌਰ ਅਕਸਰ ਕਹਿੰਦੇ ਸਨ ਕਿ ਮੂੰਹ ਬੰਦ ਕਰਕੇ ਢਿੱਡ ਨੂੰ ਗੱਠ ਬੰਨ ਕੇ ਘਰ ਤੇ ਪਰਿਵਾਰ ਬਣਾਏ ਜਾਂਦੇ ਹਨ ਤੇ ਹਰ ਮਾਂ ਬਾਪ ਦੀ ਸਭ ਤੋਂ ਵੱਡੀ ਜਿੰਮੇਵਾਰੀ ਆਪਣੇ ਬੱਚਿਆਂ ਦੀ ਸਹੀ ਪਰਵਰਿਸ਼ ਅਤੇ ਵਧੀਆ ਸੰਸਕਾਰ ਦੇ ਕੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਨਾ ਹੁੰਦੀ ਹੈ , ਮਾਂ ਬਾਪ ਬੱਚਿਆਂ ਨੂੰ ਚਾਹੇ ਘੂਰਦੇ ਵੀ ਹਨ ਤਾਂ ਉਸ ਵਿੱਚ ਵੀ ਬੱਚਿਆਂ ਦੀ ਭਲਾਈ ਹੀ ਹੁੰਦੀ ਹੈ । ਮਾਂ ਬਾਪ ਦੇ ਲਈ ਸਾਰੇ ਬੱਚੇ ਇੱਕੋ ਜਿਹੇ ਪਿਆਰ ਦੇ ਮਾਲਕ ਹੁੰਦੇ ਨੇ ਭਾਵੇਂ ਉਹ ਮਾਂ ਬਾਪ ਦੇ ਨਾਲ ਰਹਿੰਦੇ ਨੇ ਤੇ ਭਾਵੇਂ ਸੱਤ ਸਮੁੰਦਰੋਂ ਪਾਰ ਵਿਦੇਸ਼ ਦੀ ਧਰਤੀ ਉੱਪਰ ਹੀ ਰਹਿੰਦੇ ਹੋਣ ।ਇਸੇ ਤਰਾਂ ਅਕਸਰ ਹੀ ਜ਼ਿਕਰ ਕਰਦੇ ਸੀ ਕਿ ਜ਼ਿੰਦਗੀ ਦੀ ਸਫਲਤਾ ਵੀ ਆਪਣੇ ਹੱਥੀ ਕੰਮ ਕੀਤਿਆਂ ਹੀ ਮਿਲਦੀ ਹੈ ,ਵਾਹਿਗੁਰੂ ਵੱਲੋਂ ਬਖਸ਼ੇ ਆਪਣੇ ਆਖਰੀ ਸਾਹ ਤੱਕ ਸਰੀਰ ਨੂੰ ਚਲਦੇ ਰੱਖਣ ਦੇ ਲਈ ਆਪਣੇ ਹੱਥੀ ਪੈਰੀ ਮਿਹਨਤ ਕਰਦੇ ਰਹਿਣਾ ਚਾਹੀਦਾ ।ਜਿੰਗਦੀ ਦੇ ਤਜ਼ੁਰਬੇ ਨੂੰ ਸਾਂਝਾ ਕਰਦੇ ਦੱਸਦੇ ਸੀ ਕਿ ਜ਼ਿੰਦਗੀ ਦੇ ਵਿੱਚ ਤੁਹਾਡਾ ਮਾੜਾ ਸਮਾਂ ਤੇ ਅਮੀਰ ਹੋਣ ਤੋਂ ਬਾਅਦ ਆਈ ਗਰੀਬੀ ਬੇਗਾਨਿਆਂ ਦੀ ਨਹੀਂ ਸਗੋਂ ਆਪਣਿਆਂ ਦੀ ਪਹਿਚਾਣ ਕਰਵਾ ਕੇ ਜਾਂਦੀ ਆ ।
ਰਾਜਿੰਦਰ ਕੌਰ ਜੀ ਨੇ ਬਚਪਨ ਤੋਂ ਲੈ ਕੇ ਸਕੂਲ ਛੱਡਣ ਤੱਕ ਦਾ ਸਫਰ ਵਧੀਆ ਸ਼ਹਿਰਾਂ ਸ਼ਿਮਲਾ , ਚੰਡੀਗੜ੍ਹ ਅਤੇ ਪਟਿਆਲਾ ਵਿੱਚ ਬਿਤਾਇਆ ।ਆਪਣੇ ਨਿੱਜੀ ਤਜਰਬੇ ਨਾਲ ਕਹਿ ਰਹਿੰਦੇ ਸੀ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਜਾਂ ਵਿਦੇਸ਼ ਜਾਂਦੇ ਹੋ ਤਾਂ ਉਥੇ ਦੀ ਭਾਸ਼ਾ ਖਾਣ ਪੀਣ ਅਤੇ ਮੌਸਮ ਦਾ ਗਿਆਨ ਹੋਣਾ ਬਹੁਤ ਜਰੂਰੀ ਆ , ਕੋਈ ਵਿਅਕਤੀ ਕਿੱਡਾ ਵੀ ਵੱਡਾ ਅਮੀਰ ਹੋ ਜਾਵੇ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚ ਵੀ ਜਾ ਕੇ ਰਹਿਣ ਲੱਗ ਜਾਵੇ ਲੇਕਿਨ ਆਪਣੇ ਘਰ ਦਾ ਪਰਿਵਾਰ ਦਾ ਤੇ ਆਪਣੀ ਮਿੱਟੀ ਦਾ ਮੋਹ ਉਸ ਨੂੰ ਸਦੀਵੀ ਰਹਿੰਦਾ ਹੈ । ਕਿਸੇ ਵੀ ਵਿਅਕਤੀ ਦੇ ਲਈ ਜਵਾਨੀ ਦੇ ਵਿੱਚ ਔਖ ਕੱਟਣੀ ਸੌਖੀ ਹੁੰਦੀ ਹੈ ਲੇਕਿਨ ਬਚਪਨ ਅਤੇ ਬੁਢਾਪੇ ਦੇ ਵਿੱਚ ਔਖਿਆਈ ਕੱਟਣੀ ਜੈਮਤ ਦੀ ਤਰ੍ਹਾਂ ਹੋ ਜਾਂਦੀ ਹੈ ।
ਮੇਰੇ ਮਾਤਾ ਜੀ ਨੇ ਖੁਦ ਹਸਪਤਾਲ ਚ ਗਲ ਕਰਦੇ ਕਿਹਾ ਕਿ ਮੌਤ ਆਪਣੇ ਸਿਰ ਤੇ ਕਦੇ ਵੀ ਕੋਈ ਇਲਜ਼ਾਮ ਨਹੀਂ ਲੈਂਦੀ ਮੌਤ ਦੇ ਕੋਲ ਚੱਲ ਕੇ ਬੰਦਾ ਖੁਦ ਆਉਂਦਾ ਪਰ ਆਹ ਵੀ ਸੱਚਾਈ ਹੈ ਕਿ ਡਾਕਟਰਾਂ ਨੂੰ ਦੂਜਾ ਰੱਬ ਆਖਿਆ ਜਾਂਦਾ ਲੇਕਿਨ ਉਸ ਪਹਿਲੇ ਰੱਬ ਦੀ ਮਰਜ਼ੀ ਤੋਂ ਬਿਨਾਂ ਦੂਜੇ ਰੱਬ ਜਾਣੀਕੇ ਡਾਕਟਰ ਪੱਤਾ ਵੀ ਨਹੀਂ ਹਿਲਾ ਸਕਦੇ , ਸੁਭਾਅ ਤੇ ਆਦਤ ਬਚਪਨ ਤੋਂ ਨਾਲ ਚੱਲਦੇ ਨੇ ਤੇ ਆਖਰੀ ਸਾਹ ਤੱਕ ਤੁਹਾਡੇ ਨਾਲ ਹੀ ਰਹਿੰਦੇ ਨੇ ਉਸ ਨੂੰ ਬਦਲਣਾ ਵਿਅਕਤੀ ਦੇ ਬਸ ਵਿੱਚ ਨਹੀਂ ਹੁੰਦਾ ।
ਜਦੋ ਮੇਰੇ ਮਾਤਾ ਜੀ ਖੰਨਾਂ ਆਪਣੇ ਘਰੋਂ ਆਸਟਰੇਲੀਆ ਲਈ ਜਾ ਰਹੇ ਸੀ ਉਦੋਂ ਤਾਂ ਜਿਉਂਦੇ ਵਿਅਕਤੀ ਨੂੰ ਇਹ ਚਿੱਤ ਚੇਤੇ ਜਾਂ ਅਹਿਸਾਸ ਵੀ ਨਹੀਂ ਹੁੰਦਾ ਕਿ ਜਿਸ ਘਰ ਵਿੱਚੋਂ ਉਹ ਹਸੱਦਾ ਖੇਡਦਾ ਜਾ ਰਿਹਾ ਹੈ ,ਉਸ ਘਰ ਵਿੱਚ ਮੁੜ ਆਉਣਾ ਉਸ ਨੂੰ ਕਦੇ ਨਸੀਬ ਨਹੀਂ ਹੋਵੇਗਾ ਜਾਂ ਫਿਰ ਜਿਉਂਦੇ ਜਾਗਦੇ ਬੰਦੇ ਦੀ ਲਾਸ਼ ਹੀ ਉਸ ਘਰ ਵਿੱਚ ਆਵੇਗੀ ।ਬੀਬਾ ਰਜਿੰਦਰ ਕੌਰ ਅਕਸਰ ਹੀ ਵਿਦੇਸ਼ ਆਸਟਰੇਲੀਆ ਵਿੱਚ ਜਾਂਦੇ ਰਹਿੰਦੇ ਸਨ, ਇਸ ਵਾਰ ਵੀ ਉਹ ਆਸਟਰੇਲੀਆ ਗਏ ਤਕਰੀਬਨ ਇੱਕ ਸਾਲ ਉਥੇ ਬਿਤਾਉਣ ਤੋਂ ਬਾਅਦ ਜਦੋਂ ਵਾਪਸ ਇੰਡੀਆ ਪਰਤੇ ਤਾਂ ਲਗਭਗ ਇੱਕ ਦੋ ਦਿਨ ਨੂੰ ਛੱਡ ਕੇ 7 ਮਾਰਚ ਤੋਂ ਲੈ ਕੇ 24 ਤਰੀਕ ਤੱਕ ਹਸਪਤਾਲਾਂ ਦੇ ਵਿੱਚ ਹੀ ਰਹੇ ਉਥੋਂ ਵੀ ਆਸਟਰੇਲੀਆ ਤੋਂ ਵੀ ਜਲਦੀ ਇੰਡੀਆ ਜਾਣ ਦੀ ਜਿੱਦ ਕਰਕੇ ਟਿਕਟ ਕਟਵਾ ਕੇ ਇੰਡੀਆ ਆਏ ਲੇਕਿਨ ਉੱਥੇ ਆਪਣੇ ਬੇਟੇ – ਬੇਟੀ ਨੂੰ ਮਿਲ ਕੇ ਇੱਥੇ ਵੀ ਆਪਣੇ ਪੁੱਤਰ ਦੇ ਕੋਲ ਕੁਝ ਦਿਨ ਰਹਿ ਕੇ ਇਸ ਦੁਨੀਆ ਨੂੰ ਅਲਵਿਦਾ ਆਖਿਆ । ਹਾਰਟ ਅਟੈਕ ਦੀ ਪ੍ਰੋਬਲਮ ਹੋਣ ਤੋਂ ਬਾਅਦ ਵੀ ਠੀਕ ਹੋ ਗਏ ,ਇਸ ਤੋਂ ਪਹਿਲਾਂ ਵੀ ਉਨਾਂ ਦੇ ਬਾਈਪਾਸ ਸਰਜਰੀ ਸਮੇਤ ਸੱਤ ਦੇ ਲਗਭਗ ਆਪਰੇਸ਼ਨ ਹੋ ਚੁੱਕੇ ਸਨ ਤੇ ਕਦੇ ਵਾਲ ਤੱਕ ਵਿੰਗਾ ਨਹੀਂ ਹੋਇਆ ,ਪਰ ਹੁਣ ਲੱਤਾਂ ਦੇ ਵਿੱਚ ਖੂਨ ਦਾ ਨਾ ਜਾਣਾ ਹੀ ਮੌਤ ਦਾ ਕਾਰਨ ਹੈ ਬਣ ਗਿਆ ।ਹਸਪਤਾਲ ਦੇ ਵਿੱਚ ਜਦੋਂ ਪਿਆ ਨੂੰ ਪੁੱਛਣਾ ਕਿ ਠੀਕ ਹੋ ਤਾਂ ਉਹਨਾਂ ਨੇ ਕਹਿਣਾ ਹਾਂ! ਠੀਕ ਹਾਂ, ਪਰ 23 ਮਾਰਚ ਦੀ ਰਾਤ ਤੇ 24 ਮਾਰਚ ਦੀ ਉਹ ਮਨਹੂਸ ਤਾਰੀਖ ਨੂੰ ਉਹਨਾਂ ਨੇ ਕਿਹਾ ਕਿ, ” ਹੁਣ ਮੈਂ ਠੀਕ ਨਹੀਂ !” ਇਸ ਤੋਂ ਪਹਿਲਾਂ ਉਹਨਾਂ ਨੇ ਗੱਲ ਕਰਦੇ ਇਹ ਵੀ ਦੱਸਿਆ ਸੀ ਕਿ ,”ਮੈਨੂੰ ਕੁਝ ਲੋਕ ਪਲਾਸਟਿਕ ਬੈਗ ਦੇ ਵਿੱਚ ਬੰਦ ਕਰ ਰਹੇ ਨੇ ! “ਉਨਾ ਵੱਲੋਂ ਕਹੀ ਇਹ ਗੱਲ ਕੁਝ ਸਮੇਂ ਪਿੱਛੋਂ ਸੱਚ ਹੋ ਗਈ । ਮੇਰੀ ਮਾਤਾ ਅਕਸਰ ਕਿਹਾ ਕਰਦੇ ਸਨ ਕਿ ,”ਮੇਰੇ ਭਾਵੇਂ 32 ਦੰਦ ਨਹੀਂ, ਪਰ ਮੇਰੀਆਂ ਕਹੀਆਂ ਗੱਲਾਂ ਅਕਸਰ ਸੱਚ ਹੋ ਜਾਂਦੀਆਂ ਨੇ/” ਉਹਨਾਂ ਵਲੋਂ ਆਪਣੀ ਹੀ ਮੌਤ ਬਾਰੇ ਕਹੀ ਗੱਲ ਵੀ ਸੱਚ ਸਾਬਿਤ ਹੋ ਗਈ ।
ਦੱਸਣਯੋਗ ਹੈ ਕਿ ਉਹਨਾਂ ਦੇ ਬੱਚੇ, ਪੋਤੇ ਪੋਤੀਆਂ ਤੇ ਦੋਤੇ ਅਕਸਰ ਉਨਾਂ ਨੂੰ ਪਿਆਰ ਨਾਲ ਬੀਬਾ ਕਹਿ ਕੇ ਬੁਲਾਉਂਦੇ ਸਨ ।
ਪਰ ਕਹਿੰਦੇ ਹਨ ਕਿ ਹੋਣੀ ਨੂੰ ਕੌਣ ਟਾਲ ਸਕਦਾ ਹੈ ?
ਕੁੱਝ ਬਿਮਾਰ ਰਹਿਣ ਮਗਰੋ ਆਖਰ 24 ਮਾਰਚ 2024 ਦਿਨ ਐਤਵਾਰ ਉਮਰ 70 ਸਾਲ ਦੀ ਸੁਵਾਸਾਂ ਦੀ ਪੂੰਜੀ ਭੋਗ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾ ਚ ਜਾ ਬਿਰਾਜੇ ਹਨ । ਉਨਾ ਦੀ ਅੰਤਮ ਅਰਦਾਸ 28 ਮਾਰਚ 2024 ਦਿਨ ਵੀਰਵਾਰ ਨੂੰ 11 ਵਜੇ ਤੋਂ 1 ਵਜੇ ਤੱਕ ਗੁਰੂਦੁਆਰਾ ਗੁਰੂ ਅੰਗਦ ਦੇਵ ਜੀ ਸਾਹਿਬ ਗਲੀ ਨੰਬਰ 10 ,ਕ੍ਰਿਸ਼ਨਾਂ ਨਗਰ ਅਮਲੋਹ ਰੋਡ ਖੰਨਾ ਜ਼ਿਲਾ ਲੁਧਿਆਣਾ ਵਿਖੇ ਹੋ ਰਹੀ ਹੈ ।